Monday, January 26, 2009


ਯਾਰੜਿਆ ਰੱਬ ਕਰਕੇ ਮੈਨੂੰ ਪੈਣ ਬਿ੍ਹੋਂ ਦੇ ਕੀੜੇ ਵੇ|
ਨੈਣਾਂ ਦੇ ਦੋ ਸੰਦਲੀ ਬੂਹੇ, ਜਾਣ ਸਦਾ ਲਈ ਭੀੜੇ ਵੇ|

ਯਾਦਾਂ ਦਾ ਇਕ ਛੰਬ ਮਟੀਲਾ, ਸਦਾ ਲਈ ਸੁੱਕ ਜਾਏ ਵੇ|
ਖਿੜੀਆਂ ਰੂਪ ਮੇਰੇ ਦੀਆਂ ਕਮੀਆਂ, ਆ ਕੋਈ ਢੇਰ ਲਤੀੜੇ ਵੇ|

ਬੰਨ ਤਤੀਰੀ ਚੋਵਣ ਦੀਦੇ, ਜਦ ਤੇਰਾ ਚੇਤਾ ਆਵੇ ਵੇ,
ਐਸਾ ਸਰਦ ਭਰਾਂ ਇਕ ਹਾਊਕਾ, ਟੁੱਟ ਜਾਵਣ ਮੇਰੇ ਬੀੜੇ ਵੇ|

ਇਉਂ ਕਰਕੇ ਮੈਂ ਘਿਰ ਜਾਂ ਅੜਿਆ, ਵਿਚ ਕਸੀਸਾਂ ਚੀਸਾਂ ਵੇ|
ਜਿਉਂ ਗਿਰਝਾਂ ਦਾ ਟੋਲਾ ਕੋਈ, ਮੋਇਆ ਕਰੰਗ ਧਰੀੜੇ ਵੇ|

ਮੇਰੇ ਦਿਲ ਦੀ ਹਰ ਇਕ ਹਸਰਤ, ਬਨਵਾਸੀ ਟੁਰ ਜਾਏ ਵੇ,
ਨਿੱਤ ਕੋਈ ਨਾਗ ਗਮਾਂ ਦਾ- ਮੇਰੀ ਹਿੱਕ ਤੇ ਕੁੰਜ ਲਹਾਏ ਵੇ|

ਸੱਜਣਾਂ ਤੇਰੀ ਭਾਲ 'ਚ ਅੜਿਆ, ਇਉਂ ਕਰ ਉਮਰ ਵੰਝਾਵਾਂ ਵੇ,
ਜਿਉਂ ਕੋਈ ਵਿਚ ਪਹਾੜਾਂ ਕਿਧਰੇ ਵੱਗੇ ਕੂਲ੍ ਇਕੱਲੀ ਵੇ|

ਮੰਗਾਂ ਗਲ ਵਿਚ ਪਾ ਕੇ ਬਗਲੀ, ਦਰ ਦਰ ਮੌਤ ਦੀ ਭਿੱਖਿਆ ਵੇ,
ਅੱਡੀਆਂ ਰਗੜ ਮਰਾਂ ਪਰ ਮੈਨੂੰ ਮਿਲੇ ਨਾ ਮੌਤ ਸਵੱਲੀ ਵੇ|

ਘੋਲੀ ਸ਼ਗਨਾਂ ਦੀ ਮੇਰੀ ਮਹਿੰਦੀ, ਜਾਂ ਦੂਧੀ ਹੋ ਜਾਏ ਵੇ|
ਹਰ ਸੰਗਰਾਂਦ ਮੇਰੇ ਘਰ ਕੋਈ, ਪੀੜ ਪਰਾਹੁਣੀ ਆਏ ਵੇ|

ਜ਼ਿੰਦਗੀ ਦੀ ਰੋਹੀ ਵਿਚ ਨਿੱਤ ਇਉਂ, ਵਧਦੀਆਂ ਜਾਣ ਉਜਾੜਾਂ ਵੇ,
ਜਿਉਂ ਭੱਖੜੇ ਦਾ ਇਕ ਫੁੱਲ ਪੱਕ ਕੇ, ਸੂਲਾਂ ਚਾਰ ਬਣਾਏ ਵੇ|

ਜਿਉਂਦੇ ਜੀ ਅਸੀਂ ਕਦੇ ਨਾ ਮਿਲੀਏ, ਬਾਅਦ ਮੋਇਆਂ ਪਰ ਸੱਜਣਾ ਵੇ,
ਪਿਆਰ ਅਸਾਡੇ ਦੀ ਕੱਥ ਸੁਚੜੀ ਆਲਮ ਕੁਲ ਸੁਣਾਏ ਵੇ|

2 comments:

  1. ਜ਼ਿੰਦਗੀ ਦੀ ਰੋਹੀ ਵਿਚ ਨਿੱਤ ਇਉਂ, ਵਧਦੀਆਂ ਜਾਣ ਉਜਾੜਾਂ ਵੇ,
    ਜਿਉਂ ਭੱਖੜੇ ਦਾ ਇਕ ਫੁੱਲ ਪੱਕ ਕੇ, ਸੂਲਾਂ ਚਾਰ ਬਣਾਏ ਵੇ|

    ReplyDelete
  2. ਜਿਉਂਦੇ ਜੀ ਅਸੀਂ ਕਦੇ ਨਾ ਮਿਲੀਏ, ਬਾਅਦ ਮੋਇਆਂ ਪਰ ਸੱਜਣਾ ਵੇ,
    ਪਿਆਰ ਅਸਾਡੇ ਦੀ ਕੱਥ ਸੁਚੜੀ ਆਲਮ ਕੁਲ ਸੁਣਾਏ ਵੇ

    ReplyDelete