Monday, January 26, 2009


ਮੈਂ ਕਦੇ ਕਦੇ ਸੋਚਦਾਂ
ਕਿਤੇ ਮੇਰਾ ਇਹ ਜਜ਼ਬਾਤ
ਇਹਨਾਂ ਹਾਸਿਆਂ ਦੇ ਮਖੌਟਿਆਂ 'ਚ
ਭਖਦੇ ਹੌਕਿਆਂ ਦੇ ਸੇਕ ਨਾਲ
ਕਿਸੇ ਸਿਵੇ ਤੇ ਬਲਦੀ ਚਿਖਾ ਜਿਵੇਂ
ਧੁਖ ਹੀ ਨਾਂ ਜਾਵੇ।

ਮੈਂ ਕਦੇ ਕਦੇ ਸੋਚਦਾਂ
ਕਿਤੇ ਮੇਰੀ ਇਹ ਸੋਚ
ਝੂਠੇ ਰਿਸ਼ਤਿਆਂ ਦੇ ਬੋਝ ਥੱਲੇ
ਬੇਦਰਦ ਸਮਾਜ ਦੀ ਹਾਮੀ ਭਰਦੀ
ਠੰਡ 'ਚ ਕੰਬਦੇ ਕਿਸੇ ਗਰੀਬ ਜਿਵੇਂ
ਮੁੱਕ ਹੀ ਨਾਂ ਜਾਵੇ।

ਮੈਂ ਕਦੇ ਕਦੇ ਸੋਚਦਾਂ
ਕਿਤੇ ਮੇਰੀ ਇਹ ਪਹਿਚਾਣ
ਮੇਰੇ ਆਪਣਿਆਂ ਦੇ ਇਹਸਾਨਾਂ ਥੱਲੇ
ਬੇਗਾਨਿਆਂ ਦੀ ਭੀੜ ਅੰਦਰ
ਤੂਫਾਨ 'ਚ ਬਿਨ ਮਲਾਹ ਬੇੜੀ ਜਿਵੇਂ
ਰੁਲ ਹੀ ਨਾਂ ਜਾਵੇ।


ਮੈਂ ਕਦੇ ਕਦੇ ਸੋਚਦਾਂ
ਕਿਤੇ ਮੇਰਾ ਇਹ ਪਿਆਰ
ਕਿਸੇ ਬੇਵਫਾ ਮਹਿਬੂਬਾ ਦੀ ਉਡੀਕ ਵਾਂਗ
ਉਹਦੀਆਂ ਵਫਾਵਾਂ ਦੇ ਸਬੂਤ ਲੱਭਦਾ
ਕਿਸੇ ਘੁੱਣ ਖਾਦੀ ਲੱਕੜ ਜਿਵੇਂ
ਖੁੱਰ ਹੀ ਨਾ ਜਾਵੇ।

No comments:

Post a Comment