Wednesday, January 28, 2009


ਕੋਈ ਉਮੀਦ ਨਾ ਬਾਕੀ ਨਾ ਕੋਈ ਆਸ ਬਾਕੀ ਏ,
ਮੇਰੇ ਪੱਥਰਾਏ ਬੁਲ੍ਹਾਂ ਤੇ ਅਜੇ ਵੀ ਪਿਆਸ ਬਾਕੀ ਏ,
ਕਦੇ ਜੰਗਲ ਕਦੇ ਪਰਬਤ ਭਟਕਦੇ ਉਮਰ ਬੀਤੀ ਹੈ,
ਖਰੇ ਕਿੰਨਾ ਮੇਰੇ ਲੇਖੀਂ ਅਜੇ ਬਨਵਾਸ ਬਾਕੀ ਏ,
ਡਬੋ ਕੇ ਸ਼ਹਿਦ ਵਿਚ ਘੱਲਿਆ ਹਰ ਪੈਗਾਮ ਸਜਣਾ ਨੂੰ,
ਉਨ੍ਹਾਂ ਦੇ ਬੋਲਾਂ ਚ' ਹਾਲੇ ਵੀ ਕੁੱਝ ਖੱਟਾਸ ਬਾਕੀ ਏ,
ਹਰਿਕ ਪਾਸੇ ਅਮਨ ਹੋਵੇ ਰਹੇ ਖੁਸ਼ਹਾਲ ਹਰ ਕੋਈ,
ਮੇਰੇ ਦਾਤਾ ਤੇਰੇ ਅੱਗੇ ਇਹੀ ਅਰਦਾਸ ਬਾਕੀ ਏ,
ਉਹ ਕਦ ਆਏ ਤੇ ਆਕੇ ਤੁਰ ਗਏ ਕੋਈ ਖਬਰ ਨਈ ਮੈਨੂੰ,
ਮਹਿਕ ਜਿਹੀ ਕੋਈ ਖਿਲਰੀ ਹੁਣ ਵੀ ਮੇਰੇ ਪਾਸ ਬਾਕੀ ਏ,
ਤੁਸੀਂ ਸੰਭਾਲੋ ਅਪਣਾ ਅੱਜ ਤੇ ਚਿੰਤਾ ਕਰੋ ਕਲ੍ਹ ਦੀ,
ਮੇਰੇ ਕੋਲ ਸਾਂਭ ਕੇ ਰੱਖਿਆ ਮੇਰਾ ਇਤਿਹਾਸ ਬਾਕੀ ਏ,
ਗੁਆ ਬੈਠਾ ਸਭੇ ਕੁੱਝ ਰਿਹਾ ਨਾ ਕੁੱਝ ਵੀ ਹੁਣ ਪੱਲੇ,
ਮਗਰ ਹਾਲੇ ਵੀ ਮੇਰੇ ਕੋਲ ਤੇਰਾ ਅਹਿਸਾਸ ਬਾਕੀ ਏ,
ਤੁਸੀਂ ਆਵੋ ਤੁਸੀਂ ਮੁੜ ਚੱਲੇ ਹੋ ਕਿਉਂ ਹਿਜ਼ਰ ਦੇ ਕਾਂਵੋ,
ਅਜੇ ਵੀ"JASHAN" ਦੇ ਪਿੰਜ਼ਰ ਤੇ ਕੁੱਝ ਕੂ ਮਾਸ ਬਾਕੀ ਏ.......

No comments:

Post a Comment