Wednesday, January 28, 2009


ਜਿੱਥੇ ਹਰ ਹਫ਼ਤੇ ਜੱਟ ਮਰਦਾ ਏ,
ਜਿੱਥੇ ਧੀਆਂ ਤੋਂ ਜੱਗ ਡਰਦਾ ਏ,
ਜਿਹਦਾ ਅੱਗਾ ਦਿਸਦਾ ਖ਼ਤਰੇ ਵਿੱਚ,
ਜਿਹਦੀ ਕੌਮ ਵਿੱਚ ਰਹਿੰਦੀ ਸਦਾ ਜੰਗ ਹੈ ਛਿੜੀ
ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ
ਦੱਸੋ ਕਿੱਦਾਂ ਅਸੀਂ ਆਖੀਏ ਸੋਨੇ ਦੀ ਚਿੜੀ?

ਜਿੱਥੇ ਹਾਸੇ ਥੋੜੇ ਚਿਰ ਲਈ ਤੇ, ਹਾਏ ਰੋਣੇ ਬਹੁਤਾ ਵਸਦੇ ਨੇ
ਜਿੱਥੇ ਲੋਕ ਸਦਾ ਹੀ ਦੁੱਖਾਂ ਚੇ, ਪਰ ਭਾਵੇਂ ਰਹਿੰਦੇ ਹੱਸਦੇ ਨੇ
ਭੁੱਲ ਜਾਨੇਂ ਆਂ ਇਹ ਅਸੀਂ ਕਿਵੇਂ,
ਸਾਡੀ ਧਰਤੀ ਤਾਂ ਪਈ ਏ ਦੁੱਖਾਂ ਚੇ ਘਿਰੀ
ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ
ਦੱਸੋ ਕਿੱਦਾਂ ਅਸੀਂ ਆਖੀਏ ਸੋਨੇ ਦੀ ਚਿੜੀ?

ਸਕਿਆਂ ਭਰਾਵਾਂ ਜਿਹੇ ਲੋਕਾਂ ਨੂੰ, ਘਰ ਦੇ ਹੀ ਵੈਰੀ ਨੇ ਬਣਾ ਛੱਡਦੇ
ਚੌਧਰਾਂ ਦੀ ਖ਼ਾਤਰ ਜੋ ਆਪਣੇ, ਹੁਕਮਾਂ ਤੇ ਕਤਲ ਕਰਾ ਛੱਡਦੇ
ਵੋਟਾਂ ਪਿੱਛੇ ਵੇਚਦੇ ਜ਼ਮੀਰ ਜੋ,
ਦੁਨੀਆ ਚ ਉਨ੍ਹਾਂ ਦੀ ਹੈ ਚਰਚਾ ਛਿੜੀ
ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ
ਦੱਸੋ ਕਿੱਦਾਂ ਅਸੀਂ ਆਖੀਏ ਸੋਨੇ ਦੀ ਚਿੜੀ?

ਜਿੱਥੇ ਰੋਕਣ ਵਾਲੇ ਨਸਿ਼ਆਂ ਨੂੰ, ਖੁਦ ਲੋਕਾਂ ਦੇ ਵਿੱਚ ਵੰਡਦੇ ਨੇ
ਜਿੱਥੇ ਲੋਕਾਂ ਲਈ ਬੋਲਣ ਵਾਲੇ ਨੂੰ, ਖੁਦ ਲੋਕੀਂ ਹੀ ਆ ਭੰਡਦੇ ਨੇ
ਕੁੱਤੀ ਚੋਰਾਂ ਦੇ ਨਾਲ ਰਲ਼ੀ ਹੋਈ,
ਤਾਂ ਹੀ ਲੋਟੂਆਂ ਦੀ ਢਾਣੀ ਪਈ ਏ ਖਿੜੀ
ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ
ਦੱਸੋ ਕਿੱਦਾਂ ਅਸੀਂ ਆਖੀਏ ਸੋਨੇ ਦੀ ਚਿੜੀ?

ਜਿੱਥੇ ਅਣਜੰਮੀਆਂ ਦੇ ਕਤਲਾਂ ਨੂੰ, ਮਾਵਾਂ ਹੀ ਹੱਥੀਂ ਕਰਦੀਆਂ ਨੇ
ਜਿੱਥੇ ਫਸਲਾਂ ਹੀ ਫਲ਼ ਦੇਣੇ ਤੋਂ, ਖੁਦ ਆਪੇ ਹੀ ਹਾਏ ਡਰਦੀਆਂ ਨੇ
ਇਹ ਚਿੜੀ ਤਾਂ ਉਦੋਂ ਹੀ ਮਰ ਗਈ ਸੀ,
ਜਦੋਂ ਵੰਡ ਦੀ ਕਟਾਰ ਸਾਡੇ ਸੀਨੇ ਸੀ ਫਿਰੀ
ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ
ਦੱਸੋ ਕਿੱਦਾਂ ਅਸੀਂ ਆਖੀਏ ਸੋਨੇ ਦੀ ਚਿੜੀ?

ਜਿੱਥੇ ਮਾਂ ਬੋਲੀ ਦੇ ਨਾਂ ਤੇ ਹੀ, ਲੱਖਾਂ ਪਏ ਲੁੱਟੀ ਜਾਂਦੇ ਨੇ
ਜਿੱਥੇ ਧਰਮਾਂ ਦੇ ਵੀ ਨਾਂ ਤੇ ਹੀ, ਲੱਖਾਂ ਪਏ ਵਿਹਲੇ ਖਾਂਦੇ ਨੇ
ਇਨਸਾਨ ਕੋਈ ਟਾਂਵਾਂ ਦੀਹਦਾ ਏ,
ਪਈ ਸੁੱਚੀਆਂ ਮੁਹੱਬਤਾਂ ਦੀ ਕੰਧ ਹੈ ਤਿੜੀ
ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ
ਦੱਸੋ ਕਿੱਦਾਂ ਅਸੀਂ ਆਖੀਏ ਸੋਨੇ ਦੀ ਚਿੜੀ???

No comments:

Post a Comment