Wednesday, January 28, 2009


ਕੋਈ ਉਮੀਦ ਨਾ ਬਾਕੀ ਨਾ ਕੋਈ ਆਸ ਬਾਕੀ ਏ,
ਮੇਰੇ ਪੱਥਰਾਏ ਬੁਲ੍ਹਾਂ ਤੇ ਅਜੇ ਵੀ ਪਿਆਸ ਬਾਕੀ ਏ,
ਕਦੇ ਜੰਗਲ ਕਦੇ ਪਰਬਤ ਭਟਕਦੇ ਉਮਰ ਬੀਤੀ ਹੈ,
ਖਰੇ ਕਿੰਨਾ ਮੇਰੇ ਲੇਖੀਂ ਅਜੇ ਬਨਵਾਸ ਬਾਕੀ ਏ,
ਡਬੋ ਕੇ ਸ਼ਹਿਦ ਵਿਚ ਘੱਲਿਆ ਹਰ ਪੈਗਾਮ ਸਜਣਾ ਨੂੰ,
ਉਨ੍ਹਾਂ ਦੇ ਬੋਲਾਂ ਚ' ਹਾਲੇ ਵੀ ਕੁੱਝ ਖੱਟਾਸ ਬਾਕੀ ਏ,
ਹਰਿਕ ਪਾਸੇ ਅਮਨ ਹੋਵੇ ਰਹੇ ਖੁਸ਼ਹਾਲ ਹਰ ਕੋਈ,
ਮੇਰੇ ਦਾਤਾ ਤੇਰੇ ਅੱਗੇ ਇਹੀ ਅਰਦਾਸ ਬਾਕੀ ਏ,
ਉਹ ਕਦ ਆਏ ਤੇ ਆਕੇ ਤੁਰ ਗਏ ਕੋਈ ਖਬਰ ਨਈ ਮੈਨੂੰ,
ਮਹਿਕ ਜਿਹੀ ਕੋਈ ਖਿਲਰੀ ਹੁਣ ਵੀ ਮੇਰੇ ਪਾਸ ਬਾਕੀ ਏ,
ਤੁਸੀਂ ਸੰਭਾਲੋ ਅਪਣਾ ਅੱਜ ਤੇ ਚਿੰਤਾ ਕਰੋ ਕਲ੍ਹ ਦੀ,
ਮੇਰੇ ਕੋਲ ਸਾਂਭ ਕੇ ਰੱਖਿਆ ਮੇਰਾ ਇਤਿਹਾਸ ਬਾਕੀ ਏ,
ਗੁਆ ਬੈਠਾ ਸਭੇ ਕੁੱਝ ਰਿਹਾ ਨਾ ਕੁੱਝ ਵੀ ਹੁਣ ਪੱਲੇ,
ਮਗਰ ਹਾਲੇ ਵੀ ਮੇਰੇ ਕੋਲ ਤੇਰਾ ਅਹਿਸਾਸ ਬਾਕੀ ਏ,
ਤੁਸੀਂ ਆਵੋ ਤੁਸੀਂ ਮੁੜ ਚੱਲੇ ਹੋ ਕਿਉਂ ਹਿਜ਼ਰ ਦੇ ਕਾਂਵੋ,
ਅਜੇ ਵੀ"JASHAN" ਦੇ ਪਿੰਜ਼ਰ ਤੇ ਕੁੱਝ ਕੂ ਮਾਸ ਬਾਕੀ ਏ.......


ਮੇਰੇ ਦਿਲ ਦੇ ਦਰਵਾਜ਼ੇ ਤੇ,
ਹੁਣ ਦਸਤਕ ਦੇਣ ਦਾ ਕੀ ਫਾਇਦਾ...
ਮੇਰੇ ਨੈਣੋਂ ਵਗਦੇ ਹੰਝੂਆਂ ਨੂੰ,
ਹੁਣ ਪੂੰਝ ਦੇਣ ਦਾ ਕੀ ਫਾਇਦਾ...
ਅਸੀਂ ਦਰਦਾਂ ਦੇ ਦਰਿਆ ਬਣਗੇ,
ਇਹ ਵਹਿਣ ਕਦੇ ਵੀ ਰੁਕਣੇ ਨਹੀਂ...
ਇਨ੍ਹਾਂ ਦੀ ਮੰਜ਼ਿਲ ਮੌਤ ਹੁੰਦੀ,
ਫਿਰ ਬੰਨ੍ ਲਾਉਣ ਦਾ ਕੀ ਫਾਇਦਾ...
ਨਾ ਕੋਈ ਰੋਸਾ, ਨਾ ਗਿਲਾ ਸ਼ਿਕਵਾ ਤੇਰੇ ਤੇ,
ਮੇਰੀ ਮੌਤ ਦੀ ਹਾਮੀ ਭਰ ਜਾ, ਬੂਹੇ ਮੇਰੇ ਤੇ,
ਤੂੰ ਜਿੰਦ੍ਗੀ ਦੇ ਵਿੱਚ,ਬ੍ੜੇ ਰੰਗ ਭਰੇ ਸੀ,
ਓਹ ਪਲ ਕਿਵੇਂ ਭੁੱਲਾਂ , ਹਰ ਸਾਹ ਨਾਲ ਜੁੜੇ ਸੀ,
ਹੁਨ ਤਾਨੇ ਸਹਿ ਨੀ ਹੁੰਦੇ, ਮਾਨ ਪਿਯਾਰ ਸੀ ਜਿਹ੍ੜੇ ਤੇ,
ਇਕ ਜ਼ਹਿਰ ਪਿਆਲਾ ਲੈ ਆਵੀਂ , ਬ੍ਸ ਅਗ੍ਲੇ ਫ਼ੇਰੇ ਤੇ,
ਨਾ ਕੋਈ ਰੋਸਾ, ਨਾ ਗਿਲਾ ਸ਼ਿਕਵਾ ਤੇਰੇ ਤੇ,
ਮੇਰੀ ਮੌਤ ਦੀ ਹਾਮੀ ਭਰ ਜਾ, ਬੂਹੇ ਮੇਰੇ ਤੇ,

ਟੁੱਟਿਆ ਜਦ ਦਿਲ ਦਾ ਸ਼ੀਸ਼ਾ,
ਅਰਮਾਨ ਦਿਲ ਦੇ ਸਾਰੇ ਬਿਖਰ ਗਏ,
ਜਦ ਉੱਠਿਆ ਜਜਬਾਤਾਂ ਦਾ ਤੂਫਾਨ,
ਨੈਣਾਂ ਨਾਲੋਂ ਨੀਰ ਨਿੱਖੜ ਗਏ,
ਦਿਨ ਵੀ ਬਣ ਗਏ ਕਾਲੀਆਂ ਰਾਤਾਂ,
ਸੱਜਣਾਂ ਦੇ ਵਾਅਦੇ ਬਣ ਗਏ,ਝੂਠੀਆਂ ਬਾਤਾਂ,
ਨੈਣਾਂ 'ਚੋਂ ਵਗਦੇ ਨੀਰ ਨੂੰ ਕਿੱਦਾਂ ਠੱਲਾਂ,
ਪੀੜ ਹਿਜਰ ਦੀ ਜਾਂਦੀ ਚੀਰ ਕਲੇਜਾ,
ਇਸ ਦਰਦ ਨੂੰ ਕਿੱਦਾਂ ਝੱਲਾਂ.......

ਜਿੱਥੇ ਹਰ ਹਫ਼ਤੇ ਜੱਟ ਮਰਦਾ ਏ,
ਜਿੱਥੇ ਧੀਆਂ ਤੋਂ ਜੱਗ ਡਰਦਾ ਏ,
ਜਿਹਦਾ ਅੱਗਾ ਦਿਸਦਾ ਖ਼ਤਰੇ ਵਿੱਚ,
ਜਿਹਦੀ ਕੌਮ ਵਿੱਚ ਰਹਿੰਦੀ ਸਦਾ ਜੰਗ ਹੈ ਛਿੜੀ
ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ
ਦੱਸੋ ਕਿੱਦਾਂ ਅਸੀਂ ਆਖੀਏ ਸੋਨੇ ਦੀ ਚਿੜੀ?

ਜਿੱਥੇ ਹਾਸੇ ਥੋੜੇ ਚਿਰ ਲਈ ਤੇ, ਹਾਏ ਰੋਣੇ ਬਹੁਤਾ ਵਸਦੇ ਨੇ
ਜਿੱਥੇ ਲੋਕ ਸਦਾ ਹੀ ਦੁੱਖਾਂ ਚੇ, ਪਰ ਭਾਵੇਂ ਰਹਿੰਦੇ ਹੱਸਦੇ ਨੇ
ਭੁੱਲ ਜਾਨੇਂ ਆਂ ਇਹ ਅਸੀਂ ਕਿਵੇਂ,
ਸਾਡੀ ਧਰਤੀ ਤਾਂ ਪਈ ਏ ਦੁੱਖਾਂ ਚੇ ਘਿਰੀ
ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ
ਦੱਸੋ ਕਿੱਦਾਂ ਅਸੀਂ ਆਖੀਏ ਸੋਨੇ ਦੀ ਚਿੜੀ?

ਸਕਿਆਂ ਭਰਾਵਾਂ ਜਿਹੇ ਲੋਕਾਂ ਨੂੰ, ਘਰ ਦੇ ਹੀ ਵੈਰੀ ਨੇ ਬਣਾ ਛੱਡਦੇ
ਚੌਧਰਾਂ ਦੀ ਖ਼ਾਤਰ ਜੋ ਆਪਣੇ, ਹੁਕਮਾਂ ਤੇ ਕਤਲ ਕਰਾ ਛੱਡਦੇ
ਵੋਟਾਂ ਪਿੱਛੇ ਵੇਚਦੇ ਜ਼ਮੀਰ ਜੋ,
ਦੁਨੀਆ ਚ ਉਨ੍ਹਾਂ ਦੀ ਹੈ ਚਰਚਾ ਛਿੜੀ
ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ
ਦੱਸੋ ਕਿੱਦਾਂ ਅਸੀਂ ਆਖੀਏ ਸੋਨੇ ਦੀ ਚਿੜੀ?

ਜਿੱਥੇ ਰੋਕਣ ਵਾਲੇ ਨਸਿ਼ਆਂ ਨੂੰ, ਖੁਦ ਲੋਕਾਂ ਦੇ ਵਿੱਚ ਵੰਡਦੇ ਨੇ
ਜਿੱਥੇ ਲੋਕਾਂ ਲਈ ਬੋਲਣ ਵਾਲੇ ਨੂੰ, ਖੁਦ ਲੋਕੀਂ ਹੀ ਆ ਭੰਡਦੇ ਨੇ
ਕੁੱਤੀ ਚੋਰਾਂ ਦੇ ਨਾਲ ਰਲ਼ੀ ਹੋਈ,
ਤਾਂ ਹੀ ਲੋਟੂਆਂ ਦੀ ਢਾਣੀ ਪਈ ਏ ਖਿੜੀ
ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ
ਦੱਸੋ ਕਿੱਦਾਂ ਅਸੀਂ ਆਖੀਏ ਸੋਨੇ ਦੀ ਚਿੜੀ?

ਜਿੱਥੇ ਅਣਜੰਮੀਆਂ ਦੇ ਕਤਲਾਂ ਨੂੰ, ਮਾਵਾਂ ਹੀ ਹੱਥੀਂ ਕਰਦੀਆਂ ਨੇ
ਜਿੱਥੇ ਫਸਲਾਂ ਹੀ ਫਲ਼ ਦੇਣੇ ਤੋਂ, ਖੁਦ ਆਪੇ ਹੀ ਹਾਏ ਡਰਦੀਆਂ ਨੇ
ਇਹ ਚਿੜੀ ਤਾਂ ਉਦੋਂ ਹੀ ਮਰ ਗਈ ਸੀ,
ਜਦੋਂ ਵੰਡ ਦੀ ਕਟਾਰ ਸਾਡੇ ਸੀਨੇ ਸੀ ਫਿਰੀ
ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ
ਦੱਸੋ ਕਿੱਦਾਂ ਅਸੀਂ ਆਖੀਏ ਸੋਨੇ ਦੀ ਚਿੜੀ?

ਜਿੱਥੇ ਮਾਂ ਬੋਲੀ ਦੇ ਨਾਂ ਤੇ ਹੀ, ਲੱਖਾਂ ਪਏ ਲੁੱਟੀ ਜਾਂਦੇ ਨੇ
ਜਿੱਥੇ ਧਰਮਾਂ ਦੇ ਵੀ ਨਾਂ ਤੇ ਹੀ, ਲੱਖਾਂ ਪਏ ਵਿਹਲੇ ਖਾਂਦੇ ਨੇ
ਇਨਸਾਨ ਕੋਈ ਟਾਂਵਾਂ ਦੀਹਦਾ ਏ,
ਪਈ ਸੁੱਚੀਆਂ ਮੁਹੱਬਤਾਂ ਦੀ ਕੰਧ ਹੈ ਤਿੜੀ
ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ
ਦੱਸੋ ਕਿੱਦਾਂ ਅਸੀਂ ਆਖੀਏ ਸੋਨੇ ਦੀ ਚਿੜੀ???